ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈ: ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ
ਬਾਲ ਅਵਸਥਾ ਆਪ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਹੀ ਗੁਜ਼ਾਰੀ ਸੀ। ਪ੍ਰਿਥੀ ਚੰਦ ਦੀ ਨੀਯਤ ਸ਼ੁਰੂ ਤੋਂ
ਹੀ ਗੁਰਗੱਦੀ ਤੇ ਸੀ। ਪ੍ਰਿਥੀ ਚੰਦ ਨੇ ਗੁਰੂ ਸਾਹਿਬ ਜੀ ਕੋਲ ਆਉਣ ਵਾਲੀ ਕਾਰ ਭੇਟ ਅਤੇ ਲੰਗਰ ਦਾ
ਪ੍ਰਬੰਧ ਆਪਣੇ ਕੋਲ ਰੱਖਿਆ ਸੀ। ਸ੍ਰੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤ ਭਰਾ ਸ੍ਰੀ ਸਹਾਰੀ ਮੱਲ ਨੇ ਗੁਰੂ
ਸਾਹਿਬ ਜੀ ਨੂੰ ਉਸਦੇ ਪੁਤ ਦੇ ਵਿਆਹ ਤੇ ਲਹੌਰ ਆਉਣ ਲਈ ਸੱਦਾ ਦਿੱਤਾ। ਗੁਰੂ ਸਾਹਿਬ ਜੀ ਉਸ ਸਮੇਂ
ਉਸਾਰੀ ਦੇ ਕੰਮਾਂ ਵਿੱਚ ਰੁੱਝੇ ਹੋਏ ਸਨ ਸੋ ਉਹਨਾਂ ਨੇ ਪ੍ਰਿਥੀ ਚੰਦ ਨੂੰ ਜਾਣ ਲਈ ਕਿਹਾ ਪਰੰਤੂ ਉਹ ਮਾਇਕ
ਪ੍ਰਬੰਧ ਛੱਡ ਕੇ ਜਾਣ ਲਈ ਦਿਲੋਂ ਚਾਹਵਾਨ ਨਹੀਂ ਸੀ ਸੋ ਉਸਨੇ ਨਾਂਹ ਕਰ ਦਿੱਤੀ। ਮਸੰਦਾਂ ਵਿੱਚ ਵੀ
ਉਸਦਾ ਚੰਗਾ ਅਸਰ ਰਸੁਖ ਸੀ। ਫਿਰ ਗੁਰੂ ਸਾਹਿਬ ਜੀ ਨੇ ਮਹਾਂਦੇਉ ਨੂੰ ਜਾਣ ਲਈ ਕਿਹਾ ਪਰੰਤੂ ਉਹ
ਵਿਰਕਤ ਹੋਣ ਕਾਰਨ ਨਾਂਹ ਕਰ ਗਿਆ। ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਛੋਟੇ ਪੁੱਤਰ ਅਰਜੁਨ ਨੂੰ ਜਾਣ
ਦਾ ਹੁਕਮ ਕੀਤਾ ਤਾਂ ਆਪ ਗੁਰੂ ਹੁਕਮ ਮੰਨ ਕੇ ਲਹੌਰ ਚਲੇ ਗਏ। ਸ੍ਰੀ ਗੁਰੂ ਰਾਮਦਾਸ ਜੀ ਨੇ ਨਾਲ ਇਹ
ਭੀ ਕਿਹਾ ਕਿ ਉਥੇ ਆਪ ਸਿੱਖੀ ਦਾ ਪ੍ਰਚਾਰ ਕਰੋ ਅਤੇ ਜਦੋਂ ਤੱਕ ਅਸੀਂ ਨ ਬੁਲਾਈਏ ਤੁਸਾਂ ਨਹੀਂ ਆਉਣਾ।
ਕਾਫੀ ਦਿਨ ਗੁਜ਼ਰਨ ਤੋਂ ਬਾਅਦ ਵੀ ਜਦੋਂ ਸੁਨੇਹਾ ਨਹੀਂ ਆਇਆ ਤਾਂ ਆਪਨੇ ਅਰਜ਼ ਲਿਖ ਭੇਜੀ ਕਿ
ਸਾਡਾ ਮਨ ਗੁਰੂ ਦਰਸਨਾਂ ਲਈ ਲੋਚਦਾ ਹੈ ਪਰ ਗੁਰੂ ਰਾਮਦਾਸ ਜੀ ਵਲੋਂ ਕੋਈ ਸੁਨੇਹਾ ਨਹੀਂ ਗਿਆ।
ਆਪ ਗੁਰੂ ਹੁਕਮ ਅਨੁਸਾਰ ਵਿਛੋੜਾ ਝੱਲੀ ਗਏ। ਫਿਰ ਆਪ ਜੀ ਨੇ ਦੂਸਰੀ ਅਰਜ਼ ਲਿਖ ਭੇਜੀ ਤੇ ਫਿਰ
ਤੀਜੀ। ਪਰੰਤੂ ਇਹ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ ਕਿਉਂਕਿ ਪ੍ਰਿਥੀ ਚੰਦ ਨੇ ਛੋਟੇ ਭਰਾ ਬਾਬਾ
ਅਰਜਨ ਜੀ ਦੀ ਅਰਜ਼ ਗੁਰੂ ਸਾਹਿਬ ਜੀ ਤੱਕ ਪਹੁੰਚਣ ਹੀ ਨਹੀਂ ਦਿਤੀ। ਅੰਤ ਆਪ ਜੀ ਨੇ ਚੌਥੀ ਅਰਜ਼
ਲਿਖੀ ਤਾਂ ਏਲਚੀ ਨੂੰ ਸਖਤ ਤਾਕੀਦ ਕੀਤੀ ਕਿ ਇਹ ਗੁਰੂ ਸਾਹਿਬ ਜੀ ਨੂੰ ਹੀ ਹੱਥੀਂ ਦੇਣੀ ਹੈ। ਜਦੋਂ ਗੁਰੂ
ਸਾਹਿਬ ਜੀ ਨੇ ਅਰਜ਼ ਪੜੀ ਤਾਂ ਚੌਥੀ ਅਰਜ ਪੜਕੇ ਪੁਛਿਆ ਕਿ ਪਹਿਲੀਆਂ ਤਿੰਨ ਅਰਜ਼ ਜੋ ਅਰਜਨ ਜੀ
ਨੇ ਭੇਜੀਆਂ ਹਨ ਉਹ ਕਿੱਥੇ ਹਨ? ਜਦੋਂ ਗੁਰੂ ਰਾਮਦਾਸ ਜੀ ਨੂੰ ਪਤਾ ਚਲਿਆ ਕਿ ਪ੍ਰਿਥੀਏ ਪਾਸ ਤਿੰਨੇ
ਅਰਜ਼ ਪਈਆਂ ਹਨ ਤਾਂ ਆਪ ਉਸ ਉਪਰ ਬਹੁਤ ਨਾਰਾਜ਼ ਹੋਏ। ਅੰਤ ਗੁਰੂ ਰਾਮਦਾਸ ਜੀ ਨੇ ਪ੍ਰੀਖਿਆ
ਪੂਰੀ ਹੋਈ ਸਮਝ ਬਾਬਾ ਬੁੱਢਾ ਜੀ ਨੂੰ ਲਹੌਰ ਭੇਜ ਕੇ ਆਪ ਜੀ ਨੂੰ ਸੱਦ ਭੇਜਿਆ।
ਸਚਖੰਡ ਵਾਪਸੀ ਦਾ ਸਮਾਂ ਨੇੜੇ ਜਾਣ ਸ੍ਰੀ ਗੁਰੂ ਰਾਮਦਾਸ ਜੀ ਨੇ 1581 ਈ: ਗੁਰਤਾ ਦੀ ਕਾਰ ਸ੍ਰੀ ਗੁਰੂ
ਅਰਜਨ ਦੇਵ ਜੀ ਨੂੰ ਸੌਂਪਣ ਦਾ ਫੈਸਲਾ ਕੀਤਾ। ਪ੍ਰਿਥੀ ਚੰਦ ਨੇ ਇਸਦਾ ਬਹੁਤ ਵਿਰੋਧ ਕੀਤਾ। ਪ੍ਰਿਥੀਏ ਨੇ
ਸ੍ਰੀ ਗੁਰੂ ਰਾਮਦਾਸ ਜੀ ਨਾਲ ਝਗੜਾ ਕੀਤਾ। ਇਸ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੌਜੂਦ
ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਪ੍ਰਿਥੀਏ ਦੁਆਰਾ ਕੀਤੀ ਵਿਰੋਧਤਾ ਅਤੇ ਦਵੈਸ਼ ਭਾਵਨਾ ਨੂੰ ਮੁਖ ਰੱਖਦਿਆਂ
ਉਸਦਾ ਨਾਂ ‘ਮੀਣਾ’ ਰੱਖਿਆ ਅਤੇ ਆਗਿਆ ਕੀਤੀ ਕਿ ਉਹ ਸਾਡੇ ਮੱਥੇ ਨਾ ਲੱਗੇ। ਪ੍ਰਿਥੀਆ ਆਪਣੇ
ਆਪ ਨੂੰ ਗੁਰੂ ਅਖਵਾਉਣ ਲੱਗ ਪਿਆ ਅਤੇ ਸੰਗਤਾਂ ਨੂੰ ਭੁਚਲਾ ਕੇ ਕਾਰ-ਭੇਟਾ ਵਸੂਲ ਲੈਂਦਾ ਅਤੇ ਪ੍ਰਸ਼ਾਦਾ
ਛਕਣ ਲਈ ਉਹਨਾਂ ਨੂੰ ਗੁਰੂ ਕੇ ਲੰਗਰ ਭੇਜ ਦਿਆ ਕਰੇ। ਗੁਰੂ ਅਰਜਨ ਸਾਹਿਬ ਨੇ ਇਸ ਵਧੀਕੀ ਨੂੰ
ਸ਼ਾਂਤੀ ਨਾਲ ਜਰਿਆ।
1589 ਈ: ਵਿਚ ਆਪ ਜੀ ਦਾ ਆਨੰਦ ਕਾਰਜ ਪਿੰਡ ਮਊ ਤਹਿਸੀਲ ਫਿਲੌਰ ਦੇ ਵਸਨੀਕ ਭਾਈ ਸੰਗਤ
ਰਾਇ ਜੀ ਦੀ ਸਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ। ਪ੍ਰਿਥੀਏ ਦੀਆਂ ਚਲਾਕੀਆਂ ਕਾਰਨ ਗੁਰੂ ਸਾਹਿਬ
ਜੀ ਅਤੇ ਮਾਤਾ ਗੰਗਾ ਜੀ ਨੂੰ ਕਈ ਵੇਰ ਭੁੰਨੇ ਛੋਲਿਆਂ ਉਤੇ ਹੀ ਗੁਜ਼ਾਰਾ ਕਰਨਾ ਪੈਂਦਾ ਅਤੇ ਕਈ ਵੇਰ ਭੁੱਖੇ
ਹੀ ਰਹਿਣਾ ਪੈਂਦਾ। ਕੁਝ ਸਮੇਂ ਉਪਰੰਤ ਜਦੋਂ ਭਾਈ ਗੁਰਦਾਸ ਜੀ ਆਗਰੇ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ
ਲਈ ਆਏ ਤਾਂ ਗੁਰੂ ਕੇ ਲੰਗਰ ਦੀ ਅਜਿਹੀ ਹਾਲਤ ਦੇਖ ਕੇ ਬਹੁਤ ਦੁਖੀ ਹੋਏ। ਭਾਈ ਗੁਰਦਾਸ ਜੀ ਤੇ
ਬਾਬਾ ਬੁੱਢਾ ਜੀ ਪਿਪਲੀ ਸਾਹਿਬ ਦੇ ਸਥਾਨ ਤੇ ਬੈਠ ਕੇ ਉਸ ਰਸਤੇ ਤੋਂ ਆ ਰਹੀਆਂ ਸੰਗਤਾਂ ਨੂੰ ਪ੍ਰਿਥੀਏ
ਦੀਆਂ ਚਾਲਾਂ ਤੋਂ ਸੁਚੇਤ ਕਰਨ ਲੱਗੇ। ਹੋਰ ਮੁਖੀ ਸਿੱਖਾਂ ਨੂੰ ਭਾਈ ਗੁਰਦਾਸ ਜੀ ਨੇ ਥਾਂ-ਥਾਂ ਸਿੱਖ ਸੰਗਤਾਂ ਨੂੰ
ਸੁਚੇਤ ਕਰਨ ਲਈ ਭੇਜਿਆ।
ਭਾਈ ਸਾਹਿਬ ਦੇ ਇਹਨਾਂ ਯਤਨਾਂ ਸਦਕਾ ਜਲਦੀ ਸਿੱਖ ਸੰਗਤਾਂ ਪ੍ਰਿਥੀਏ ਦੀਆਂ ਚਾਲਾਂ ਤੋਂ ਸੁਚੇਤ ਹੋ
ਗਈਆਂ। ਪ੍ਰਿਥੀਏ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਕਾਰਨ ਗੁਰੂ ਸਾਹਿਬ ਜੀ ਆਪਣੀ ਰਹਾਇਸ਼ ਸੀ
ਅੰਮ੍ਰਿਤਸਰ ਸਾਹਿਬ ਜੀ ਤੋਂ ਨਜ਼ਦੀਕ ਦੀ ਪਿੰਡ ਗੁਰੂ ਕੀ ਵਡਾਲੀ ਲੈ ਗਏ। ਏਥੇ ਹੀ ਸ੍ਰੀ ਗੁਰੂ ਹਰਿਗੋਬਿੰਦ
ਸਾਹਿਬ ਜੀ ਦਾ ਜਨਮ 1595 ਈ: ਨੂੰ ਬਾਬਾ ਬੁੱਢਾ ਜੀ ਦੇ ਵਰ ਸਦਕਾ ਹੋਇਆ। ਪ੍ਰਿਥੀਏ ਤੇ ਉਸਦੀ ਪਤਨੀ
ਨੂੰ ਇਸ ਦਾ ਬਹੁਤ ਦੁਖ ਹੋਇਆ। ਪ੍ਰਿਥੀਏ ਨੇ ਬਾਲ ਹਰਿਗੋਬਿੰਦ ਜੀ ਨੂੰ ਮਰਵਾਉਣ ਦੇ ਬਹੁਤ ਯਤਨ ਕੀਤੇ
ਪਰ ਅਕਾਲ ਪੁਰਖ ਨੇ ਉਨ੍ਹਾਂ ਦੀ ਹੱਥ ਦੇ ਕੇ ਰੱਖਿਆ ਕੀਤੀ।
ਗੁਰੂ ਸਾਹਿਬ ਜੀ ਨੇ ਪ੍ਰਿਥੀਏ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਦਾ ਗੁੱਸਾ ਨਹੀਂ ਕੀਤਾ। ਪ੍ਰਿਥੀਏ ਨੇ
ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਸ਼ਿਕਾਇਤ ਕੀਤੀ ਪਰੰਤੂ ਉਥੋਂ ਵੀ ਉਸਨੂੰ ਮੂੰਹ ਦੀ ਖਾਣੀ ਪਈ।
ਫਿਰ ਉਸਨੇ ਵੱਢੀ ਦੇਕੇ ਫੌਜਦਾਰ ਸੁਲਹੀ ਖਾਨ ਨਾਲ ਰਲ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਕੈਦ
ਕਰਨ ਅਤੇ ਗੁਰਗੱਦੀ ਤੇ ਕਾਬਜ਼ ਹੋਣ ਦੀ ਵਿਉਂਤ ਘੜੀ। ਸੁਲਹੀ ਖਾਨ ਪ੍ਰਿਥੀਏ ਦਾ ਭੱਠਾ ਵੇਖਦੇ ਸਮੇਂ
ਘੋੜੇ ਦੇ ਤਰਹਿਕਣ ਕਾਰਨ ਭੱਖਦੇ ਭੱਠੇ ਵਿਚ ਡਿਗ ਪਿਆ ਤੇ ਸੜ ਕੇ ਮਰ ਗਿਆ।
ਪ੍ਰਿਥੀਆ ਫਿਰ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਝ ਨਾ ਆਇਆ। ਇਸ ਵਾਰ ਉਸਨੇ ਸੁਲਹੀ ਖਾਂ ਦੇ
ਭਤੀਜੇ ਸੁਲਭੀ ਖਾਨ ਨਾਲ ਗੰਢ-ਤਰੁਪ ਕੀਤੀ। ਉਹ ਬਿਆਸ ਦਰਿਆ ਕੋਲ ਰੁਕਿਆ ਹੋਇਆ ਸੀ ਕਿ
ਤਨਖਾਹ ਨੂੰ ਲੈ ਕੇ ਉਸਦਾ ਝਗੜਾ ਇਕ ਸੱਯਦ ਨਾਲ ਹੋ ਗਿਆ। ਉਹ ਭੀ ਸੱਯਦ ਹੱਥੋਂ ਮਾਰਿਆ ਗਿਆ।
ਪ੍ਰਿਥੀਏ ਨੇ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਦੀ ਨਕਲ ਤੇ ਹੇਹਰ ਪਿੰਡ ਲਾਗੇ ਤਾਲ ਤੇ
ਦਰਬਾਰ ਬਣਾ ਧਰਿਆ ਜੋ ਕਿਸੇ ਕਾਰਨ ਪੂਰਾ ਨਾ ਹੋ ਸਕਿਆ। ਗੁਰੂ ਸਾਹਿਬ ਜੀ ਦੁਆਰਾ ਤਰਨ ਤਾਰਨ
ਸਾਹਿਬ ਦੇ ਸਥਾਨ ਤੇ ਕੁਸ਼ਟ ਆਸ਼ਰਮ ਬਣਾਇਆ ਤਾਂ ਇਸਨੇ ਵੀ ਤਰਨ ਤਾਰਨ ਤੋਂ ਤਿੰਨ ਮੀਲ ਦੀ ਵਿੱਥ
ਤੇ ਤਾਲ ਬਣਾ ਲਿਆ। ਇਸ ਦੇ ਨਾਲ ਹੀ ਇਹ ਪ੍ਰਚਾਰ ਕੀਤਾ ਕਿ ਇਸ ਤਾਲ ਵਿਚ ਨਹਾਤਿਆਂ ਸਾਰੇ ਦੁਖ
ਦੂਰ ਹੋ ਜਾਂਦੇ ਹਨ। ਸੰਗਤਾਂ ਇਸ ਸਮੇਂ ਤਕ ਪ੍ਰਿਥੀਏ ਦੀਆਂ ਕੋਝੀਆਂ ਚਾਲਾਂ ਤੋਂ ਭਲੀਭਾਂਤ ਜਾਣੂ ਹੋ
ਚੁੱਕੀਆਂ ਸਨ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਦੇ ਸਮੇਂ ਤੋਂ ਹੀ ਸਾਰੇ ਆਰੰਭੇ ਉਸਾਰੂ
ਕੰਮਾਂ ਨੂੰ ਸੰਪੂਰਨ ਕਰਨਾ ਆਰੰਭ ਦਿੱਤਾ ਸੀ। ਗੁਰੂ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੰਪੂਰਨ
ਕਰਵਾਉਣ ਦੇ ਨਾਲ-ਨਾਲ ਸ੍ਰੀ ਸੰਤੋਖਸਰ ਸਾਹਿਬ ਦੀ ਉਸਾਰੀ ਵੀ ਕਰਵਾਈ। ਮਸੰਦ ਪ੍ਰਥਾ ਤਾਂ ਸ੍ਰੀ ਗੁਰੂ
ਰਾਮਦਾਸ ਜੀ ਵੇਲੇ ਸਥਾਪਿਤ ਹੋ ਚੁੱਕੀ ਸੀ ਪਰੰਤੂ ਇਸਦੇ ਨਾਲ ਹੀ ਆਪਨੇ ਦਸਵੰਧ ਪ੍ਰਥਾ ਦੀ ਸਥਾਪਨਾ
ਵੀ ਕੀਤੀ। ਜਲੰਧਰ ਦੇ ਸੂਬੇ ਅਜ਼ੀਮ ਖਾਂ ਦੀ ਬੇਨਤੀ ਮੰਨ ਕੇ ਆਪਨੇ ਦੁਆਬੇ ਵਿਚ ਕਰਤਾਰਪੁਰ
ਵਸਾਇਆ। 1595 ਈ: ਵਿੱਚ ਸਖਤ ਔੜ ਲਗ ਗਈ। ਪਾਣੀ ਦੀ ਬਹੁਤਾਤ ਲਈ ਛੇ ਹਰਟਾ ਵਾਲਾ ਖੂਹ
ਲਗਵਾਇਆ। ਸ੍ਰੀ ਅੰਮ੍ਰਿਤਸਰ ਨਜ਼ਦੀਕ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਅਜੇ ਵੀ ਇਸ ਦੀ ਗਵਾਹੀ
ਭਰਦਾ ਹੈ।
ਬਾਲ ਹਰਿਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿਚ ਆਪ ਜੀ ਨੇ ਗੋਬਿੰਦਪੁਰ ਨਗਰ ਵਸਾਇਆ ਜੋ ਬਾਅਦ
ਵਿਚ ਸ੍ਰੀ ਹਰਿਗੋਬਿੰਦਪੁਰ ਦੇ ਨਾਂ ਨਾਲ ਪ੍ਰਚਲਿਤ ਹੋਇਆ। 1597 ਈ: ਵਿਚ ਕਾਲ ਪੈ ਗਿਆ। ਕਾਲ
ਕਾਰਨ ਬੀਮਾਰੀਆਂ ਫੈਲ ਗਈਆਂ। ਗੁਰੂ ਸਾਹਿਬ ਜੀ ਲਹੌਰ ਪਹੁੰਚੇ ਦਸਵੰਧ ਦੁਖੀਆਂ ਦੇ ਦੁਖ ਵੰਡਾਉਣ
ਲਈ ਖਰਚ ਕੀਤਾ। ਜਦੋਂ ਅਕਬਰ ਬਾਦਸ਼ਾਹ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਗੁਰੂ ਸਾਹਿਬ ਦੀ
ਸਿਫਾਰਸ਼ ਤੇ ਮਾਮਲਾ ਮੁਆਫ਼ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਸਭ ਤੋਂ ਮੁਖ ਯਤਨ ਪਿਉ ਦਾਦੇ ਦੇ ਖਜ਼ਾਨੇ
ਭਾਵ ਗੁਰੂ ਸਾਹਿਬ ਜੀ ਦੁਆਰਾ ਰਚੀ ਬਾਣੀ ਅਤੇ ਉਹਨਾਂ ਦੁਆਰਾ ਇਕੱਤਰ ਕੀਤੀ ਗਈ ਬਾਣੀ ਨੂੰ
ਇਕੱਠੀ ਕਰ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਨੂੰ ਸੰਪਾਦਨ ਕਰਨ ਦਾ ਨਿਰਣਾ ਲਿਆ। ਇਹ ਸਾਰੀ
ਬਾਣੀ ਨਿਰੰਤਰ ਪਹਿਲੇ ਗੁਰੂ ਸਾਹਿਬਾਨ ਤੋਂ ਲਿਖਤ ਰੂਪ ਵਿਚ ਅਗਲੇਰੀਆਂ ਪਾਤਸ਼ਾਹੀਆ ਤਕ ਪਹੁੰਚੀ
ਸੀ।
ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਸਿੱਖ ਸੰਗਤਾਂ ਨੂੰ ਕੱਚੀ ਬਾਣੀ ਤੋਂ ਸੁਚੇਤ ਕੀਤਾ ਸੀ ਪਰੰਤੂ ਸ੍ਰੀ ਗੁਰੂ ਅਰਜਨ
ਸਾਹਿਬ ਦੇ ਸਮੇਂ ਪ੍ਰਿਥੀਆਂ ਤੇ ਉਸਦੇ ਪੁੱਤਰ ਮਿਹਰਬਾਨ ਨੇ ਆਪਣੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਸੀ।
ਉਸਨੇ ਗੁਰੂ ਸਾਹਿਬ ਜੀ ਦੀ ਨਕਲ ਤੇ ਹੀ ਸ਼ਬਦ ਦੇ ਅੰਤ ਵਿਚ ‘ਨਾਨਕ’ ਪਦ ਦੀ ਵਰਤੋਂ ਵੀ ਆਰੰਭ ਕਰ
‘ਨਾਨਕ ਦਾਸ’ ਆਦਿ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਇਸ ਚਾਲ ਨੇ ਸੰਗਤਾਂ ਨੂੰ ਭੁਲੇਖੇ ਵਿਚ ਪਾ
ਦਿੱਤਾ। ਸੱਚੀ ਬਾਣੀ ਦੇ ਸੰਪਾਦਨ ਕਾਰਜ ਨੂੰ ਸੰਪੂਰਨ ਕਰਨ ਲਈ ਸਾਹਿਬ ਗੁਰੂ ਜੀ ਨੇ ਸ੍ਰੀ ਰਾਮਸਰ
ਸਾਹਿਬ ਦੇ ਰਮਣੀਕ ਸਥਾਨ ਨੂੰ ਚੁਣਿਆ। ਇੱਥੇ ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਇਸ
ਕੰਮ ਨੂੰ ਸੰਪੂਰਨ ਕਰਵਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਭ ਤੋਂ ਜ਼ਿਆਦਾ ਬਾਣੀ ਸ੍ਰੀ ਗੁਰੂ
ਅਰਜਨ ਸਾਹਿਬ ਜੀ ਦੀ ਹੈ।
ਆਪ ਜੀ ਨੇ ਕੁਲ 2218 ਸ਼ਬਦ 30 ਰਾਗਾਂ ਵਿਚ ਉਚਾਰੇ। ਆਪ ਦੀ ਰਚੀ ਬਾਣੀ ਵਿਚੋਂ ਸ੍ਰੀ ਸੁਖਮਨੀ
ਸਾਹਿਬ ਇਕ ਅਜਿਹੀ ਰਚਨਾ ਹੈ ਜੋ ਬਹੁਤ ਹੀ ਸਰਲ ਭਾਸ਼ਾ ਵਿਚ ਰਚੀ ਗਈ ਹੈ। ਇਸ ਬਾਣੀ ਵਿਚ
ਅਧਿਆਤਮਕ ਪਹੁੰਚ ਨੂੰ ਇਤਨੀ ਸਰਲਤਾ ਤੇ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ ਹੈ ਕਿ ਇਕ
ਆਮ ਜਗਿਆਸੂ ਵੀ ਇਸ ਤੋਂ ਅਧਿਆਤਮ ਮਾਰਗ ਦਾ ਪਾਂਧੀ ਬਣ ਸਕਦਾ ਹੈ। ਸ੍ਰੀ ਗੁਰੂ ਅਰਜਨ ਸਾਹਿਬ
ਜੀ ਨੇ 1604 ਈ: ਨੂੰ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਵਾ ਇਸਦਾ ਪਹਿਲਾ ਪ੍ਰਕਾਸ਼ ਸ੍ਰੀ
ਹਰਿਮੰਦਰ ਸਾਹਿਬ ਵਿਚ ਕਰਵਾਇਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ।
ਜਦੋਂ ਅਜੇ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਜਾਰੀ ਸੀ ਤਾਂ ਉਸ ਸਮੇਂ ਗੁਰੂ ਘਰ ਦੇ
ਦੋਖੀਆਂ ਨੇ ਅਕਬਰ ਪਾਸ ਸ਼ਿਕਾਇਤ ਕੀਤੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਇਕ ਅਜਿਹਾ ਗ੍ਰੰਥ
ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿਚ ਹਿੰਦੂ ਅਵਤਾਰਾਂ ਅਤੇ ਮੁਸਲਿਮ ਪੈਗੰਬਰਾਂ ਤੇ ਪੀਰਾਂ ਦੀ ਨਿੰਦਾ
ਕੀਤੀ ਗਈ ਹੈ। ਪਰੰਤੂ ਬਾਦਸ਼ਾਹ ਨੇ ਜਦੋਂ ਖੁਦ ਇਸ ਵਿਚੋਂ ਸ਼ਬਦ ਸੁਣੇ ਤਾਂ ਉਹ ਬਹੁਤ ਪ੍ਰਸੰਨ ਹੋਇਆ।
ਉਸਨੇ ਇਸ ਮਹਾਨ ਗ੍ਰੰਥ ਲਈ ਡੂੰਘੀ ਪ੍ਰਸ਼ੰਸਾ ਦਾ ਪ੍ਰਗਟਾਵਾ ਕੀਤਾ। ਗੁਰੂ ਸਾਹਿਬ ਜੀ ਨੇ ਜਿਮੀਂਦਾਰਾ
ਦੀਆਂ ਔਕੜਾਂ ਨੂੰ ਬਾਦਸ਼ਾਹ ਦੇ ਸਾਹਮਣੇ ਰੱਖਿਆ ਜਿਸਦੇ ਫਲਸਰੂਪ ਅਕਬਰ ਨੇ ਉਨ੍ਹਾਂ ਦੇ ਮਾਮਲੇ ਦਾ
ਕੁਝ ਹਿੱਸਾ ਮੁਆਫ ਕਰ ਦਿੱਤਾ।
ਗੁਰੂ ਸਾਹਿਬ ਜੀ ਦੇ ਉਪਦੇਸ਼ ਅਤੇ ਅਧਿਆਤਮ ਪ੍ਰਵਿਰਤੀ ਦਾ ਅਜਿਹਾ ਮਿਕਨਾਤੀਸੀ ਪ੍ਰਭਾਵ ਸੀ ਕਿ ਜੋ
ਵੀ ਆਪ ਦੇ ਦਰਸ਼ਨਾਂ ਲਈ ਆਉਂਦਾ ਬਸ ਆਪ ਦਾ ਹੀ ਮੁਰੀਦ ਹੋ ਜਾਂਦਾ। ਅਨੇਕਾਂ ਹਿੰਦੂ ਅਤੇ
ਮੁਸਲਮਾਨ ਸਿੱਖ ਧਰਮ ਨੂੰ ਸਵੀਕਾਰ ਕਰ ਰਹੇ ਸਨ ਪਰੰਤੂ ਕੱਟੜਵਾਦੀਆਂ ਨੂੰ ਇਹ ਸਭ ਚੰਗਾ ਨਹੀਂ ਸੀ
ਲਗ ਰਿਹਾ। ਇਸਲਾਮ ਧਰਮ ਦੀ ਸੂਫੀ ਪੱਧਤੀ ਨਾਲ ਸੰਬੰਧਤ ਨਕਸ਼ਬੰਦੀ ਸਿਲਸਿਲੇ ਵਾਲੇ ਇਸ ਨੂੰ
ਇਸਲਾਮ ਦੇ ਪਤਨ ਨਾਲ ਤੁਲਨਾ ਕਰ ਰਹੇ ਸਨ। ਕੱਟੜਵਾਦੀ ਬ੍ਰਾਹਮਣੀ ਸ੍ਰੇਣੀ ਅਤਿ ਵਿਰੋਧੀ ਸੀ ਕਿ
ਸਿੱਖ ਧਰਮ ਵਰਣ ਵਿਵਸਥਾ, ਦੇਵ ਪੂਜਾ ਅਤੇ ਅਵਤਾਰਵਾਦ ਦੀ ਥਾਂ ਸੰਗਤ ਤੇ ਪੰਗਤ ਨੂੰ ਸਮਾਜ ਦਾ
ਅਟੁੱਟ ਅੰਗ ਬਣਾ ਰਿਹਾ ਸੀ।
ਅਕਬਰ ਬਾਦਸ਼ਾਹ 1605 ਈ: ਵਿਚ ਅਲ੍ਹਾ ਨੂੰ ਪਿਆਰਾ ਹੋ ਗਿਆ ਅਤੇ ਉਸ ਦਾ ਪੁੱਤਰ ਜਹਾਂਗੀਰ
ਬਾਦਸ਼ਾਹ ਬਣਿਆ। ਤਖ਼ਤਨਸ਼ੀਨ ਹੁੰਦਿਆ ਹੀ ਉਸਨੇ ਵਾਅਦਾ ਕੀਤਾ ਕਿ ਉਹ ਹਿੰਦੁਸਤਾਨ ਵਿਚ
ਇਸਲਾਮ ਨੂੰ ਸਥਾਪਿਤ ਕਰੇਗਾ। ਜਹਾਂਗੀਰ ਦੇ ਪੁੱਤਰ ਖੁਸਰੋ ਦੀ ਬਗਾਵਤ ਸਮੇਂ ਉਸਦੇ ਕੰਨਾਂ ਵਿਚ
ਪਾਇਆ ਗਿਆ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ ਅਤੇ ਉਸਨੂੰ ਕੇਸਰ ਦਾ
ਟਿੱਕਾ ਲਾਇਆ ਹੈ। ਇਸ ਤੇ ਗੁਰੂ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਗਿਆ। ਇਸ
ਇਰਾਦੇ ਦਾ ਬਿਆਨ ਉਸਨੇ ਆਪਣੀ ਸਵੈਜੀਵਨੀ ‘ਤੁਜ਼ਕ-ਇ-ਜਹਾਂਗੀਰੀ’ ਵਿਚ ਵੀ ਕੀਤਾ ਹੈ।
ਖੁਸਰੋ ਜੇਕਰ ਕਦੇ ਗੁਰੂ ਸਾਹਿਬ ਜੀ ਨੂੰ ਮਿਲਿਆ ਵੀ ਹੋਵੇਗਾ ਤਾਂ ਉਹ ਉਨ੍ਹਾਂ ਸਭ ਆਦਮੀਆਂ ਦੀ ਤਰ੍ਹਾਂ ਸੀ
ਜਿਸ ਤਰ੍ਹਾਂ ਕੋਈ ਹੋਰ ਉਨ੍ਹਾਂ ਪਾਸ ਗਿਆ ਹੋਵੇਗਾ ਜਾਂ ਜੋ ਔਖੇ ਸਮੇਂ ਮਹਾਂਪੁਰਖਾਂ ਪਾਸ ਜਾਂਦੇ ਹਨ।
ਜਹਾਂਗੀਰ ਜਦੋਂ ਆਪਣੇ ਬਾਗ਼ੀ ਪੁੱਤਰ ਦਾ ਪਿੱਛਾ ਕਰਦਾ ਹੋਇਆ ਆਗਰੇ ਤੋਂ ਲਾਹੌਰ ਪੁੱਜਾ ਤਾਂ ਰਸਤੇ ਵਿੱਚ
ਉਸਨੇ ਉਨ੍ਹਾਂ ਸਭ ਨੂੰ ਸਜ਼ਾ ਦਿੱਤੀ ਜਿਨ੍ਹਾਂ ਬਾਰੇ ਖੁਸਰੋ ਦੀ ਸਹਾਇਤਾ ਕਰਨ ਜਾਂ ਉਸਦੇ ਕਾਰਜ ਵਿਚ ਕੋਈ
ਦਿਲਚਸਪੀ ਰੱਖਣ ਦੀ ਖਬਰ ਮਿਲੀ ਸੀ। ਇਸ ਗੱਲ ਦੀ ਗਵਾਹੀ ਇਸਤੋਂ ਪਤਾ ਲੱਗਦੀ ਹੈ ਕਿ ਸ਼ੇਖ਼
ਨਜ਼ਾਮ ਥਨੇਸਰੀ ਨੇ ਖੁਸਰੋ ਦੇ ਹੱਕ ਵਿੱਚ ਦੁਆ ਪੜੀ। ਇਸ ਗੱਲ ਦਾ ਪਤਾ ਜਹਾਂਗੀਰ ਨੂੰ ਥਾਨੇਸਰ ਵਿੱਚ
ਹੀ ਲਗ ਗਿਆ ਸੀ। ਇਸ ਬਾਬਤ ਉਹ ਆਪ ‘ਤੁਜ਼ਕ’ ਵਿਚ ਲਿਖਦਾ ਹੈ ‘ਮੈਂ ਖਵਾਜੇ ਨੂੰ ਸਫ਼ਰ ਖਰਚ ਦੇ ਕੇ
ਮੱਕੇ ਤੋਰ ਦਿੱਤਾ।’ ਹੋਰਨਾਂ ਨਾਲ ਬਹੁਤ ਸਖ਼ਤ ਸਲੂਕ ਕਰਦਿਆਂ ਹੋਇਆ ਮੌਤ ਤੱਕ ਦੀਆਂ ਸਜਾਵਾਂ
ਦਿੱਤੀਆਂ ਗਈਆ।
ਇਹ ਗੱਲ ਅਸੰਭਵ ਹੈ ਕਿ ਜਹਾਂਗੀਰ ਗੋਇੰਦਵਾਲ ਦੇ ਰਸਤੇ ਆਇਆ ਹੋਵੇ, ਜਦੋਂ ਕਿ ਗੁਰੂ ਸਾਹਿਬ ਜੀ
ਵੀ ਗੋਇੰਦਵਾਲ ਸਨ ਅਤੇ ਉਸਨੂੰ ਬਿਆਸ ਤੋਂ ਲੈ ਕੇ ਲਹੌਰ ਤਕ ਇਹ ਖਬਰ ਨਾ ਮਿਲੀ ਹੋਵੇ ਕਿ ਸ੍ਰੀ ਗੁਰੂ
ਅਰਜਨ ਸਾਹਿਬ ਜੀ ਨੇ ਖੁਸਰੋ ਦੀ ਮਦਦ ਕੀਤੀ ਹੈ। ਜਦੋਂ ਕਿ ਗੁਰੂ ਘਰ ਦੇ ਦੋਖੀਆਂ ਦੀ ਕੋਈ ਕਮੀ ਨਹੀਂ
ਸੀ। ਇਸ ਗੱਲ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਗੁਰੂ ਘਰ ਦੇ ਦੋਖੀਆਂ ਨੇ ਮਿਲੀ ਭੁਗਤ ਨਾਲ ਗੁਰੂ ਸਾਹਿਬ
ਨੂੰ ਫਸਾਉਣ ਦਾ ਯਤਨ ਕੀਤਾ ਜਿਸ ਵਿੱਚ ਉਹ ਸਫ਼ਲ ਰਹੇ।
ਗੁਰੂ ਸਾਹਿਬ ਜੀ ਨੂੰ ਚੰਦੂ ਸ਼ਾਹ ਦੇ ਸਪੁਰਦ ਕੀਤਾ ਗਿਆ। ਗੁਰੂ ਸਾਹਿਬ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ
ਜਿਵੇਂ ਕਿ ਤੱਤੀ ਲੋਹ ਤੇ ਬਿਠਾ ਕੇ ਹੇਠਾਂ ਅੱਗ ਬਾਲੀ ਗਈ ਅਤੇ ਉਪਰੋਂ ਤੱਤੀ ਭੱਖਦੀ ਰੇਤ ਗੁਰੂ ਸਾਹਿਬ ਜੀ
ਦੇ ਸਰੀਰ ਤੇ ਪਾਈ ਗਈ, ਫਿਰ ਆਪ ਜੀ ਨੂੰ ਦੇਗ਼ ਵਿੱਚ ਉਬਾਲਿਆ ਗਿਆ ਇਸ ਨਾਲ ਆਪਦੇ ਸਰੀਰ ਤੇ
ਵੱਡੇ-ਵੱਡੇ ਛਾਲੇ ਪੈ ਗਏ। ਉਪਰੰਤ ਗੁਰੂ ਸਾਹਿਬ ਜੀ ਨੂੰ ਹੋਰ ਦੁਖ ਦੇਣ ਲਈ ਗਰਮ ਲਾਲ ਪਏ ਛਾਲਿਆਂ
ਨਾਲ ਭਰੇ ਸਰੀਰ ਨੂੰ ਰਾਵੀ ਦੇ ਠੰਡੇ ਪਾਣੀ ਵਿਚ ਪਾ ਦਿੱਤਾ ਜਿਸ ਨਾਲ ਉਹ ਛਾਲੇ ਫੱਟ ਗਏ ਅਤੇ ਗੁਰੂ
ਸਾਹਿਬ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਸ਼ਹੀਦ ਹੋ ਨਿਬੜੇ।
ਸ਼ਹੀਦ ਦਾ ਸ਼ਾਬਦਿਕ ਅਰਥ ਗਵਾਹੀ ਦੇਣਾ ਹੈ। ਸ਼ਹਾਦਤ ਆਪਾ ਕੁਰਬਾਨ ਕਰਨ ਵਾਲੇ ਮਿਸ਼ਨ ਦੀ
ਗਵਾਹੀ ਪੇਸ਼ ਕਰਨਾ ਹੈ। ਸ਼ਹਾਦਤ ਅਤਿਆਚਾਰ ਵਿਰੁੱਧ ਸਤਿਆਚਾਰ ਹੈ। ਜਾਲਮਾਨਾ ਤਸ਼ੱਦਦ ਵਿਰੁੱਧ
ਸਹਿਣਸ਼ੀਲਤਾ ਦੀ ਫ਼ਤਿਹ ਹੈ। ਸ਼ਹਾਦਤ ਸਿਦਕ ਸਬੂਰੀ ਦੀ ਨਿਰਵੈਰ ਬਿਰਤੀ ਹੈ। ਸ਼ਹੀਦ ਨੂੰ ਆਪਣੇ
ਆਦਰਸ਼ ਦੀ ਸਚਾਈ ਉਪਰ ਵਿਸ਼ਵਾਸ ਹੁੰਦਾ ਹੈ। ਗੁਰੂ ਸ਼ਹੀਦ ਪਰੰਪਰਾ ਦਾ ਆਧਾਰ ਸਮੁੱਚੀ ਗੁਰਬਾਣੀ
ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਜੀਵਨ ਜੀਉਣ ਦੇ ਨਾਲ-ਨਾਲ ‘ਮਰਉ ਹਰਿ ਕੈ ਦੁਆਰ’ ਦਾ ਰਾਹ ਵੀ
ਦਰਸਾਇਆ ਗਿਆ ਹੈ।
ਗੁਰੂ ਸ਼ਹੀਦ ਪਰੰਪਰਾ ਦੇ ਮੋਢੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ
ਦੀ ਸ਼ਹਾਦਤ ਬਾਦਸ਼ਾਹ ਜਹਾਂਗੀਰ ਅਤੇ ਸਿੱਖ ਧਰਮ ਦੇ ਦੋਖੀਆਂ ਦੇ ਅਤਿਆਚਾਰ ਤੇ ਜ਼ੁਲਮ ਦੇ ਵਿਰੁੱਧ
ਇਕ ਸ਼ਾਂਤਮਈ ਜਿੱਤ ਵੀ ਸੀ। ਗੁਰੂ ਸਾਹਿਬ ਜੀ ਦੀ ਸ਼ਹਾਦਤ ਵਿਚੋਂ ਇਨਕਲਾਬ ਨੇ ਜਨਮ ਲਿਆ। ਗੁਰੂ
ਸ਼ਹੀਦ ਪਰੰਪਰਾ ਨੇ ਨਿਤਾਣਿਆ ਤੇ ਨਿਮਾਣਿਆ ਵਿੱਚ ਤਾਨ ਤੇ ਮਾਨ ਪੈਦਾ ਕਰ ਦਿੱਤਾ ਅਤੇ ਸਦੀਆਂ ਦੇ
ਲਿਤਾੜੇ ਹੋਏ ਮਨੁੱਖ ਵਿਚ ਆਤਮ-ਵਿਸ਼ਵਾਸ ਦੀ ਸ਼ਮ੍ਹਾਂ ਨੂੰ ਰੋਸ਼ਨ ਕੀਤਾ। ਗੁਰੂ ਸਾਹਿਬ ਜੀ ਦੀ ਸ਼ਹੀਦੀ ਨੇ
ਗੁਰਮਤਿ ਦੇ ਉਸ ਲੁਕੇ ਧਾਰਮਿਕ ਜ਼ਜ਼ਬੇ ਨੂੰ ਰੂਪਮਾਨ ਕੀਤਾ ਭਵਿੱਖ ਵਿਚ ਇਤਿਹਾਸ ਦਾ ਹਿੱਸਾ ਬਣਕੇ
ਰੋਸ਼ਨ ਕਰਨਾ ਸੀ।
ਗੁਰੂ ਸਾਹਿਬ ਜੀ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਝੱਲਦੇ ਹੋਏ ਵੀ ‘ਤੇਰਾ ਕੀਆ ਮੀਠਾ ਲਾਗੈ’
ਉਚਾਰਦੇ ਹੋਏ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਇਹ ਸਾਕਾ 1606 ਈ: ਨੂੰ ਲਹੌਰ ਸ਼ਹਿਰ
ਵਿਖੇ ਵਾਪਰਿਆ।