ਸਿੱਖ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਦੇ ਸਵੈਮਾਣ, ਮਨੁੱਖੀ ਹੱਕਾਂ ਦੀ ਅਜ਼ਾਦੀ ਤੇ
ਧਾਰਮਿਕ ਆਜ਼ਾਦੀ ਦੀ ਬਹਾਲੀ ਲਈ ਸ਼ੁਰੂ ਕੀਤੀ ਸ਼ਹੀਦੀਆਂ ਦੀ ਲੜੀ ਵਿਚ
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਇਤਿਹਾਸ ਦੇ ਸੁਨਹਿਰੀ ਪੰਨਿਆਂ
ਉੱਪਰ ਅੰਕਤ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸਰਬੰਸਦਾਨੀ ਦਸਮੇਸ਼
ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖੋਂ 26 ਜਨਵਰੀ
1687 ਈਸਵੀ ਨੂੰ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਇਆ। ਨਾਨਕਸ਼ਾਹੀ ਡਾਇਰੀ
ਅਨੁਸਾਰ ਉਨ੍ਹਾਂ ਦਾ ਜਨਮ ਦਿਹਾੜਾ ਅੱਜ 12 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ।
ਪਾਉਂਟਾ ਸਾਬਿਹ ਵਿਖੇ ਨਿਵਾਸ ਤੋਂ ਕੁਝ ਸਮੇਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ
ਆ ਗਿਆ। ਇਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਵਿਦਿਆ, ਧਾਰਮਿਕ ਗ੍ਰੰਥਾਂ, ਕਥਨਾ ਅਤੇ
ਇਤਿਹਾਸ ਆਦਿ ਬਾਰੇ ਜਾਣੂ ਕਰਵਾਇਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਬਚਪਨ ਤੋਂ ਹੀ ਬੇਹੱਦ
ਤੀਖਣ ਬੁੱਧੀ, ਸਰੀਰਕ ਤੌਰ ਤੇ ਚੁਸਤ ਅਤੇ ਜ਼ੋਸੀਲੇ ਸਨ। ਉਨ੍ਹਾਂ ਨੇ ਖ਼ਾਲਸਾ ਫ਼ੌਜ ਦੇ ਜੰਗੀ ਕਰਤਬਾਂ ਤੋਂ
ਪ੍ਰਭਾਵਿਤ ਹੋ ਕੇ ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਆਦਿ ਦੀ ਸਿਖਲਾਈ ਲਈ
ਇਤਿਹਾਸ ਅਨੁਸਾਰ, ਸਿੱਖ ਸੰਗਤਾਂ ਦਾ ਇਕ ਜਥਾ ਦੱਖਣੀ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ
ਲਈ ਆ ਰਿਹਾ ਸੀ ਕਿ ਰਸਤੇ ਵਿਚ ਇਸ ਜਥੇ ਉੱਪਰ ਲੱਠਮਾਰਾਂ ਦੇ ਇਕ ਟੋਲੇ ਨੇ ਹਮਲਾ ਕਰ ਕੇ ਸਾਰਾ
ਸਮਾਨ ਲੁੱਟ ਲਿਆ। ਜਦੋਂ ਇਸ ਹਮਲੇ ਦੀ ਸੂਚਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਤਾਂ ਉਨ੍ਹਾਂ ਨੇ ਸਿੱਖ
ਸੰਗਤ ਪਾਸੋਂ ਲੁੱਟੇ ਗਏ ਸਮਾਨ ਦੀ ਵਾਪਸੀ ਲਈ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ। ਉਸ
ਸਮੇਂ ਬਾਬਾ ਅਜੀਤ ਸਿੰਘ ਜੀ ਦੀ ਉਮਰ ਸਿਰਫ਼ 12 ਸਾਲ ਸੀ। ਆਪ ਨੇ 100 ਸਿੰਘਾਂ ਦਾ ਜਥਾ ਲੈ ਕੇ
ਨਿਡਰਤਾ ਅਤੇ ਬਹਾਦਰੀ ਨਾਲ ਹਮਲਾਵਾਰਾਂ ਤੋਂ ਸਿੱਖ ਸੰਗਤ ਦੀ ਰਾਖੀ ਕਰਦਿਆਂ ਲੁੱਟਿਆ ਹੋਇਆ ਸਮਾਨ
ਵਾਪਸ ਕਰਵਾਇਆ। ਸਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ੍ਹ ਕਿਲ੍ਹੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ
ਗਈ ਤਾਂ ਉਨ੍ਹਾਂ ਨੇ ਇਸ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਇਆ। ਇਸ ਤੋਂ ਬਾਅਦ ਅਗਸਤ 1700
ਈਸਵੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਇਕ ਹੋਰ ਵਿਰੋਧੀ ਹਮਲੇ ਦਾ ਕਰਾਰਾ ਜਵਾਬ ਦਿੱਤਾ ਤੇ ਉਹ
ਨਿਰਮੋਹਗੜ੍ਹ ਵਿਤ ਵੀ ਅਕਤੂਬਰ 1700 ਨੂੰ ਹੋਈ ਵਿਚ ਬਹਾਦਰੀ ਨਾਲ ਲੜੇ। ਇਸ ਪਿੱਛੋਂ ਮਾਰਚ 1701
ਵਿਚ ਸਿੱਖ ਸੰਗਤ ਦਰਪਦ ਖੇਤਰ (ਸਿਆਲਕੋਟ) ਤੋਂ ਆ ਰਹੀ ਸੀ ਕਿ ਉਸ ਨੂੰ ਲੁਟੇਰਿਆਂ ਦੇ ਇਕ ਵੱਡੇ ਟੋਲੇ
ਨੇ ਰਸਤੇ ਵਿਚ ਰੋਕ ਲਿਆ ਤਾਂ ਗੁਰੂ ਪਿਤਾ ਦੇ ਹੁਕਮ ਅਨੁਸਾਰ ਸਹਿਬਜ਼ਾਦਾ ਅਜੀਤ ਸਿੰਘ ਨੇ ਆਪਣੇ ਘੋੜ
ਸਵਾਰ ਜੰਗਜੂ ਸਿੰਘਾਂ ਨੂੰ ਨਾਲ ਲੈ ਕੇ ਅਜਿਹਾ ਕਰਨ ਵਾਲਿਆਂ ਨੂੰ ਚੰਗਾ ਸਬਕ ਸਿਖਾਇਆ ਤੇ ਸਿੱਖ ਸੰਗਤ
ਨੂੰ ਸੁਰੱਖਿਅਤ ਗੁਰੂ ਸਾਹਿਬ ਤਕ ਲੈ ਕੇ ਆਏ।
ਇਕ ਵਾਰ ਦੇਵਦਾਸ ਨਾਂ ਦਾ ਇਕ ਗ਼ਰੀਬ ਬ੍ਰਾਹਮਣ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ
ਆਇਆ ਤੇ ਅਰਜ ਕੀਤੀ ਕਿ ਬੱਸੀ ਦੇ ਕੁਝ ਪਠਾਣ ਹੁਸ਼ਿਆਰਪੁਰ ਨੇੜੇ ਉਸ ਦੀ ਨਵ-ਵਿਆਹੀ ਪਤਨੀ ਨੂੰ
ਜਬਰੀ ਲੈ ਗਏ ਹਨ। ਗੁਰੂ ਸਾਹਿਬ ਨੇ ਉਸ ਗ਼ਰੀਬ ਬ੍ਰਾਹਮਣ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਫ਼ਿਕਰ ਨਾ
ਕਰੇ, ਖਾਲਸਾ ਫ਼ੌਜ ਉਸ ਦੀ ਪਤਨੀ ਨੂੰ ਬਾਇੱਜ਼ਤ ਵਾਪਸ ਲੈ ਕੇ ਆਵੇਗੀ। ਸੰਕਟ ਦੀ ਇਸ ਘੜੀ ਵਿਚ ਵੀ
ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਜੀ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ। ਗੁਰੂ ਜੀ ਦੀ ਆਗਿਆ ਨਾਲ
ਬਾਬਾ ਜੀ 100 ਘੋੜ ਸਵਾਰ ਸਿੱਖ ਸੈਨਿਕਾਂ ਨੂੰ ਲੈ ਕੈ ਬੱਸੀ ਪਠਾਣਾਂ ਪੁੱਜੇ। ਉਨ੍ਹਾਂ ਨੇ ਆਪਣੇ ਬਹਾਦਰ ਸਿੱਖਾਂ
ਨਾਲ ਰਾਤ ਦੇ ਹਨੇਰੇ ਵਿਚ ਹੀ ਪਠਾਣਾਂ ਉੱਪਰ ਹਮਲਾ ਕਰ ਦਿੱਤਾ। ਖ਼ਾਲਸਾ ਫ਼ੌਜ ਨੇ ਇਸ ਘਿਨਾਉਣੀ
ਹਰਕਤ ਲਈ ਕਸੂਰਵਾਰ ਪਠਾਣਾਂ ਨੂੰ ਕਾਬੂ ਕਰ ਲਿਆ ਤੇ ਉਸ ਗ਼ਰੀਬ ਬ੍ਰਹਾਮਣ ਦੀ ਪਤਨੀ ਨੂੰ ਉਨ੍ਹਾਂ ਦੀ
ਕੈਦ ਤੋਂ ਮੁਕਤੀ ਦਿਵਾਈ। ਖ਼ਾਲਸਾ ਫ਼ੌਜ ਸਵੇਰ ਹੁੰਦਿਆਂ ਹੀ ਕਾਬੂ ਕੀਤੇ ਗਏ ਪਠਾਣਾਂ ਨੂੰ ਲੈ ਕੇ ਅਨੰਦਪੁਰ
ਸਾਹਿਬ ਪੁੱਜੀ। ਉਸ ਬ੍ਰਾਹਮਣ ਦੀ ਪਤਨੀ ਉਸ ਨੂੰ ਸੌਂਪ ਦਿੱਤੀ ਗਈ ਤੇ ਪਠਾਣਾਂ ਨੂੰ ਅਜਿਹੀਆਂ ਸਜ਼ਾਵਾਂ
ਦਿੱਤੀਆਂ ਕਿ ਉਨ੍ਹਾਂ ਨੇ ਮੁੜ ਅਜਿਹਾ ਕਾਰਾ ਕਰਨ ਤੋਂ ਤੌਬਾ ਕੀਤੀ।
ਅਨੰਦਪੁਰ ਵਿਖੇ ਇਕ ਵਾਰ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਬਾਹੂਬਲ, ਸਾਹਸ ਤੇ ਜੰਗੀ ਸੂਝ-ਬੂਝ
ਦੀ ਪਰਖ ਹੋਈ। 1705 ਵਿਚ ਜਦੋਂ ਦੁਸ਼ਮਣਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਗੁਰੂ
ਸਾਹਿਬ ਨੇ ਅਚਾਨਕ ਬਣੀ ਅਜਿਹੀ ਹਾਲਤ 'ਤੇ ਵਿਚਾਰ ਕਰਦਿਆਂ ਇਕ ਵਾਰ ਫਿਰ ਇਸ ਸਥਿਤੀ 'ਚੋਂ
ਨਿਕਲਣ ਲਈ ਬਾਬਾ ਅਜੀਤ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ। ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਸੱਤ ਅੱਠ
ਮਹੀਨੇ ਦੁਸ਼ਮਣ ਫ਼ੌਜ ਨੇ ਘੇਰਾ ਪਾਈ ਰੱਖਿਆ। ਮੁਗ਼ਲ ਫ਼ੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਕਿ
ਜੇ ਗੁਰੂ ਸਾਹਿਬ ਅਨੰਦਪੁਰ ਦਾ ਕਿਲ੍ਹਾ ਖ਼ਾਲੀ ਕਰ ਦੇਣ ਤਾਂ ਉਹ ਕੋਈ ਨੁਕਸਾਨ ਨਹੀਂ ਕਰਨਗੇ। ਅੰਤ ਮਾਤਾ
ਗੁਜਰੀ ਜੀ ਤੇ ਕੁਝ ਸਿੰਘਾਂ ਦੇ ਕਹਿਣ ਤੇ ਜਦ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲ੍ਹਾ ਖ਼ਾਲੀ ਕੀਤਾ ਤਾਂ ਕਿਲ੍ਹੇ
ਤੋਂ ਬਾਹਰ ਨਿਕਲਦਿਆਂ ਹੀ ਮੁਗ਼ਲ ਅਤੇ ਪਹਾੜੀ ਫ਼ੌਜਾਂ ਨੇ ਸਹੁੰਆਂ ਤੋੜ ਕੇ ਹਮਲਾ ਕਰ ਦਿੱਤਾ। ਇਸ ਮੌਕੇ
ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜ ਨਾਲ ਜੂਝਦਿਆਂ ਹੋਇਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਪਿਤਾ
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਕੁਝ ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰ
ਕੇ ਚਮਕੌਰ ਦੀ ਗੜ੍ਹੀ ਤਕ ਜਾ ਪੁੱਜੇ।
ਦਸ ਲੱਖ ਦੀ ਗਿਣਤੀ ਵਾਲੀ ਵੱਡੀ ਫ਼ੌਜ ਨੇ ਚਮਕੌਰ ਦੀ ਗੜ੍ਹੀ ਨੂੰ ਘੇਰ ਲਿਆ। ਵੱਡੀ ਗਿਣਤੀ ਵਿਚ ਮੁਗ਼ਲ
ਫ਼ੌਜਾਂ ਦੇ ਮੁਕਬਾਲੇ ਭਾਵੇਂ ਸਿੰਘਾਂ ਦੀ ਗਿਣਤੀ ਨਾਮਾਤਰ ਸੀ ਪ੍ਰੰਤੂ ਗੁਰੂ ਪਿਆਰ ਵਿਚ ਕੁਰਬਾਨ ਹੋਣ ਵਾਲੇ
ਮਰਜੀਵੜੇ ਸਿੱਖਾਂ ਨੇ ਦੁਸਮਣ ਬੜੀ ਬਹਾਦਰੀ ਅਤੇ ਸਾਹਸ ਨਾਲ ਡਟ ਕੇ ਮੁਕਾਬਲਾ ਕੀਤਾ। ਚਮਕੌਰ ਦੀ
ਗੜ੍ਹੀ ਤੋਂ ਇਹ ਯੁੱਧ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਬੜੀ ਬਹਾਦਰੀ ਨਾਲ ਲੜਿਆ ਗਿਆ ਅਤੇ ਸਿੰਘਾਂ
ਨੇ ਸੈਂਕੜੇ ਵੈਰੀਆਂ ਨੂੰ ਮਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਜੰਗ ਦੇ ਇਸ ਸਾਰੇ ਦ੍ਰਿਸ਼ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਅੱਖੀਂ ਤੱਕ ਰਹੇ ਸਨ ਤੇ ਤੀਰਾਂ ਦਾ ਮੀਂਹ
ਵਰ੍ਹਾਉਂਦੇ ਹੋਏ ਮੁਗ਼ਲਾਂ ਨੂੰ ਭੰਬਲਭੂਸੇ 'ਚ ਪਾਈ ਰੱਖਿਆ। ਸਿੰਘਾਂ ਦੇ ਇਕ ਜਥੇ ਵਿਚ ਸਾਹਿਬਜ਼ਾਦਾ ਅਜੀਤ
ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ 'ਚ ਜਾਣ ਲਈ ਆਗਿਆ ਮੰਗੀ। ਗੁਰੂ
ਸਾਹਿਬ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਪੰਜ ਯੋਧਿਆਂ ਦਾ ਜਥਾ ਲੈ ਕੇ ਵੈਰੀਆਂ ਨੂੰ ਲਲਕਾਰਦੇ
ਹੋਏ ਮੈਦਾਨੇ-ਜੰਗ ਵਿਚ ਦੁਸਮਣਾਂ ਤੇ ਜਾ ਵਰ੍ਹੇ। ਬਾਬਾ ਅਜੀਤ ਸਿੰਘ ਜੀ ਇਸ ਜੰਗ ਵਿਚ ਬੜੀ ਸੂਰਬੀਰਤਾ
ਲੜੇ ਅਤੇ ਅੰਤ ਉਨ੍ਹਾਂ ਸਮੇਤ ਜਥੇ ਦੇ ਬਾਕੀ ਸਿੰਘ ਵੱਡੀ ਗਿਣਤੀ ਵਿਚ ਦੁਸਮਣਾਂ ਦੇ ਆਹੂ ਲਾਹੁੰਦੇ ਹੋਏ
ਸ਼ਹਾਦਤ ਪ੍ਰਾਪਤ ਕਰ ਗਏ।