ਬਾਬਾ ਦੀਪ ਸਿੰਘ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਇੱਕ ਪਿੰਡ ਪਹੁਵਿੰਡ ਵਿੱਚ 1682 ਈਸਵੀ ਨੂੰ ਹੋਇਆ। ਇਹਨਾਂ ਦੇ ਪਿਤਾ
ਦਾ ਨਾਂ ਭਾਈ ਭਗਤਾ ਤੇ ਮਾਤਾ ਜੀ ਦਾ ਨਾਂ ਜਿਊਣੀ ਸੀ। ਇਹਨਾਂ ਦੇ ਮੁਢਲੇ ਜੀਵਨ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ
ਨਹੀਂ ਮਿਲਦੀ।
ਅਨੰਦਪੁਰ ਸਾਹਿਬ ਵਿਖੇ ਚਲੇ ਗਏ।ਇਹਨਾਂ ਦੇ ਪਿਤਾ ਦਾ ਮਨੋਰਥ ਗੁਰੂ-ਘਰ ਦੀ ਸੇਵਾ ਕਰਨਾ ਸੀ। ਇਹਨਾਂ ਗੁਰੂ ਦੀ
ਸੇਵਾ ਏਨੀ ਲਗਨ ਨਾਲ ਕੀਤੀ ਕਿ ਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖ਼ਸ਼ੀ। ਕੁਝ ਸਮੇਂ ਪਿੱਛੋਂ ਭਾਈ ਭਗਤ
ਸਿੰਘ ਤੇ ਜਿਊਣੀ ਵਾਪਸ ਪਿੰਡ ਆ ਗਏ ਪਰ ਬਾਬਾ ਦੀਪ ਸਿੰਘ ਜੀ ਗੁਰੂ ਜੀ ਪਾਸ ਹੀ ਰਹੇ।ਇਹਨਾਂ ਨੇ ਸਦਾ ਹੀ ਗੁਰੂ ਦੇ
ਸੰਗ ਰਹਿਣਾ ਪ੍ਰਵਾਨ ਕੀਤਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਛੱਡਿਆ ਅਤੇ ਦੱਖਣ ਵਿੱਚ ਨਾਂਦੇੜ ਵੱਲ ਚਾਲੇ ਪਾਏ
ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ‘ਦਮਦਮਾ ਸਾਹਿਬ ਦਾ ਮਹੰਤ ਬਣਾ ਕੇ ਇੱਥੋਂ ਦੀ ਸੇਵਾ ਸੌਂਪ ਦਿੱਤੀ। ਇਹ ਥਾਂ “ਗੁਰੂ
ਕੀ ਕਾਂਸ਼ੀ ਕਹਾਈ।ਇੱਥੇ ਰਹਿੰਦਿਆਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਆਪਣੇ ਹੱਥੀਂ
ਲਿਖੀਆਂ।
ਬਾਬਾ ਦੀਪ ਸਿੰਘ ਜੀ ਵਿਹਲਾ ਰਹਿਣਾ ਪਸੰਦ ਨਹੀਂ ਕਰਦੇ ਸਨ। ਇਸ ਲਈ ਉਹ ਬਾਬਾ ਬੰਦਾ ਜੀ ਦੀ ਫ਼ੌਜ ਵਿੱਚ ਸ਼ਾਮਲ
ਹੋ ਗਏ। ਉਹਨਾਂ ਦੀ ਕਮਾਨ ਥੱਲੇ ਬਾਬਾ ਦੀਪ ਸਿੰਘ ਜੀ ਨੇ ਕਈ ਬਹਾਦਰੀ ਦੇ ਕਾਰਨਾਮੇ ਕੀਤੇ ਜਿਨ੍ਹਾਂ ਕਰਕੇ ਉਸ ਦੀ
ਮਸ਼ਹੂਰੀ ਹੋ ਗਈ ਅਤੇ ਇਹ ਪ੍ਰਸਿੱਧ ਹੋ ਗਿਆ ਕਿ ਬਾਬਾ ਦੀਪ ਸਿੰਘ ਜੀ ਵੱਡੀ ਤੋਂ ਵੱਡੀ ਔਕੜ ਵਿੱਚ ਵੀ ਦਿਲ ਨਹੀਂ
ਹਾਰਦੇ।ਬਾਬਾ ਦੀਪ ਸਿੰਘ ਇੱਕ ਵਿਦਵਾਨ ਮਹੰਤ ਸੀ।
ਇਸ ਤੋਂ ਪਿੱਛੋਂ ਕਾਫ਼ੀ ਸਮੇਂ ਤੱਕ ਦੀ ਬਾਬਾ ਦੀਪ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ, ਪਰ ਅਚਾਨਕ ਹੀ 1757
ਈਸਵੀ ਵਿੱਚ ਉਸ ਦਾ ਨਾਂ ਘਰ-ਘਰ ਜਾਣਿਆ ਜਾਣ ਲੱਗਾ।
1757 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮੁਗ਼ਲਾਂ ਨੂੰ ਹਾਰ ਦਿੱਤੀ। ਉਸ ਨੇ ਬਹੁਤ ਸਾਰਾ ਲੁੱਟ ਦਾ ਮਾਲ ਇਕੱਠਾ
ਕੀਤਾ ਅਤੇ ਅਣਗਿਣਤ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਬੰਦੀ ਬਣਾਇਆ। ਦਿੱਲੀ ਤੇ ਮਥਰਾ ਦੀ ਲੁੱਟ ਪਿੱਛੋਂ ਅਹਿਮਦ
ਸ਼ਾਹ ਦੇ ਸਿਪਾਹੀ ਪੰਜਾਬ ਵਿੱਚ ਆਏ ਪਰ ਇੱਥੇ ਸਿੱਖਾਂ ਨੇ ਉਹਨਾਂ ਦਾ ਡਟ ਕੇ ਟਾਕਰਾ ਕੀਤਾ।
ਸਿੱਖ ਸੂਰਬੀਰ ਉਹਨਾਂ ਉੱਤੇ ਟੁੱਟ ਕੇ ਪੈ ਗਏ। ਸਿੱਖਾਂ ਨੇ ਨਾ ਕੇਵਲ ਉਹਨਾਂ ਦਾ ਮਾਲ ਹੀ ਲੁੱਟ ਲਿਆ ਸਗੋਂ ਆਪਣੇ ਬੰਦੀ
ਵੀ ਛੁਡਾ ਲਏ। ਅਹਿਮਦ ਸ਼ਾਹ ਗੁੱਸੇ ਨਾਲ ਭਰ ਗਿਆ। ਅਹਿਮਦ ਸ਼ਾਹ ਨੂੰ ਆਪਣੇ ਦੇਸ ਜਾਣ ਦੀ ਕਾਹਲੀ ਸੀ ਇਸ
ਲਈ ਉਹ ਸਿੱਖਾਂ ਉੱਤੇ ਆਪਣਾ ਗੁੱਸਾ ਪੂਰੀ ਤਰ੍ਹਾਂ ਨਾ ਕੱਢ ਸਕਿਆ। ਉਸ ਨੇ ਆਪਣੇ ਲੜਕੇ ਤੈਮੂਰ ਨੂੰ ਪੰਜਾਬ ਦਾ
ਗਵਰਨਰ ਬਣਾ ਕੇ ਇੱਥੇ ਛੱਡ ਦਿੱਤਾ। ਕਾਬਲ ਪਹੁੰਚ ਕੇ ਉਸ ਨੇ 8,000 ਫ਼ੌਜੀ ਜਹਾਨ ਖਾਂ ਦੀ ਕਮਾਨ ਹੇਠ ਸਿੱਖਾਂ ਦੀ
ਤਾਕਤ ਖ਼ਤਮ ਕਰਨ ਲਈ ਭੇਜੇ। ਜਹਾਨ ਖਾਂ ਨੂੰ ਕੋਈ ਕਾਮਯਾਬੀ ਹਾਸਲ ਨਾ ਹੋਈ। ਇਸ ਲਈ ਇੱਕ ਹੋਰ ਜਰਨੈਲ ਨੂੰ
ਬਹੁਤ ਵੱਡੀ ਫ਼ੌਜ ਦੇ ਕੇ ਭੇਜਿਆ ਗਿਆ।
ਇਹ ਜਰਨੈਲ ਸਿੱਖਾਂ ਦਾ ਜਾਨੀ ਦੁਸ਼ਮਣ ਸੀ। ਇਸ ਨੇ ਪੰਜਾਬ ਪਹੁੰਚਦੇ ਸਾਰ ਹੀ ਸਿੱਖਾਂ ਉੱਤੇ ਕਹਿਰ ਢਾਹੁਣੇ ਸ਼ੁਰੂ ਕਰ
ਦਿੱਤੇ। ਇਸ ਨੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕੀਤਾ ਅਤੇ ਬਹੁਤ ਸਾਰਿਆਂ ਦੇ ਘਰ-ਘਾਟ ਢਾਹ ਕੇ ਉਹਨਾਂ ਨੂੰ ਪਿੰਡਾਂ ਵਿੱਚੋਂ
ਨਠਾ ਦਿੱਤਾ। ਅਣਗਿਣਤ ਸਿੱਖਾਂ ਨੂੰ ਜੰਗਲ ਦਾ ਵਾਸ ਇਖ਼ਤਿਆਰ ਕਰਨਾ ਪਿਆ। ਆਖ਼ਰ ਉਹ ਜ਼ਾਲਮ ਜਰਨੈਲ
ਅੰਮ੍ਰਿਤਸਰ ਪਹੁੰਚ ਗਿਆ। ਉਸ ਨੇ ਗੁਰੂ ਰਾਮਦਾਸ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਹਰਿਮੰਦਰ ਸਾਹਿਬ ਨੂੰ
ਅਪਵਿੱਤਰ ਕਰਨ ਲਈ ਉਸ ਨੇ ਕਈ ਕੋਝੀਆਂ ਕਰਤੂਤਾਂ ਕੀਤੀਆਂ।
ਇਸ ਸਮੇਂ ਬਾਬਾ ਦੀਪ ਸਿੰਘ ਜੀ ਮਾਲਵੇ ਵਿੱਚ ਸਨ। ਉਸ ਨੇ ਅਹਿਮਦ ਸ਼ਾਹ ਦੇ ਜਰਨੈਲ ਦੀਆਂ ਵਾਰਦਾਤਾਂ ਸੁਣੀਆਂ।
ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਉਸ ਨੇ ਸਿੱਖ ਸੂਰਬੀਰਾਂ ਦਾ ਇੱਕ ਜਥਾ ਤਿਆਰ ਕੀਤਾ ਅਤੇ ਬਾਕੀ ਸਿੱਖਾਂ ਨੂੰ ਅੰਮ੍ਰਿਤਸਰ ਦੇ
ਜ਼ਿਲ੍ਹੇ ਵਿੱਚ ਤਰਨਤਾਰਨ ਵਿਖੇ ਮਿਲਨ ਲਈ ਸੰਦੇਸ਼ ਭੇਜੇ। ਅਫ਼ਗਾਨ ਜਰਨੈਲ ਨੇ ਵੀ ਇਹ ਗੱਲ ਸੁਣ ਲਈ। ਉਸ ਨੇ
ਅੰਮ੍ਰਿਤਸਰ ਵਿੱਚ ਭਾਰੀ ਫ਼ੌਜ ਇਕੱਠੀ ਕੀਤੀ ਅਤੇ ਸ਼ਹਿਰ ਤੋਂ ਚਾਰ ਮੀਲ ਦੂਰ ਸਿੱਖਾਂ ਦਾ ਟਾਕਰਾ ਕਰਨ ਲਈ ਅਗਾਂਹ
ਵਧਿਆ।
ਇਸ ਵੇਲੇ ਸਿੱਖਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਸਨ। ਭਾਵੇਂ ਉਸ ਸਮੇਂ ਉਹਨਾਂ ਦੀ ਉਮਰ 75 ਸਾਲਾਂ ਦੀ ਸੀ ਪਰ ਉਹਨਾਂ
ਵਿੱਚ ਜਵਾਨਾਂ ਵਾਲਾ ਜ਼ੋਰ ਤੇ ਤਾਕਤ ਸੀ। ਬੁਢਾਪੇ ਵਿੱਚ ਵੀ ਉਹਨਾਂ ਅੰਦਰ ਗੱਭਰੂਆਂ ਵਾਲੀ ਦਲੇਰੀ ਤੇ ਜਾਨਬਾਜ਼ੀ ਸੀ।
ਪਿੰਡ ਗੋਹਲਵੜ ਦੇ ਕੋਲ ਸਿੱਖਾਂ ਤੇ ਦੁਸ਼ਮਣਾਂ ਦੀਆਂ ਫ਼ੌਜਾਂ ਆਮੋ-ਸਾਮਣੇ ਹੋਈਆਂ। ਦੁਸ਼ਮਣਾਂ ਨੇ ਸਿੱਖਾਂ ਨੂੰ ਕਾਫ਼ੀ
ਨੁਕਸਾਨ ਪਹੁੰਚਾਇਆ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਹ ਵੇਖ ਕੇ ਬਾਬਾ ਦੀਪ ਸਿੰਘ ਜੀ ਨੇ
ਤਲਵਾਰ ਸੂਤ ਲਈ ਅਤੇ ਸਿੱਧੇ ਹਮਲੇ ਦਾ ਹੁਕਮ ਦੇ ਦਿੱਤਾ। ਸਿੱਖਾਂ ਨੇ ਤਲਵਾਰਾਂ ਲਿਸ਼ਕਾਈਆਂ ਤੇ ਲੋਹੇ ਨਾਲ ਲੋਹਾ
ਠਹਿਕਣ ਲੱਗਾ। ਧਰਤੀ ਖੂਨ ਨਾਲ ਲਾਲ-ਰੱਤੀ ਹੋ ਗਈ। ਇਸ ਨਾਲ ਮੁਸਲਮਾਨ ਭੈ-ਭੀਤ ਹੋ ਗਏ ਅਤੇ ਸਿੱਖਾਂ ਨੇ ਅੱਗੇ
ਵਧਣਾ ਸ਼ੁਰੂ ਕਰ ਦਿੱਤਾ। ਇਹ ਵੇਖ ਕੇ ਮੁਸਲਮਾਨ ਕਪਤਾਨ ਅਮਾਨ ਖ਼ਾਂ ਨੇ ਅੱਗੇ ਵਧ ਕੇ ਲਲਕਾਰਿਆ, “ਮੈਂ ਸੁਣਿਆ
ਹੈ, ਬਾਬਾ ਦੀਪ ਸਿੰਘ ਸਿਪਾਹੀਆਂ ਵਿੱਚੋਂ ਸਭ ਨਾਲੋਂ ਬਹਾਦਰ ਹੈ। ਜੇ ਇਹ ਸੱਚ ਹੈ ਤਾਂ ਉਹ ਅਗਾਂਹ ਵਧੇ ਤੇ ਮੇਰੇ ਨਾਲ
‘ਇਕੱਲੇ ਨਾਲ ਇਕੱਲਾ ਯੁੱਧ ਕਰ ਲਏ । ਜਦੋਂ ਬਾਬਾ ਦੀਪ ਸਿੰਘ ਨੇ ਇਹ ਸੁਣਿਆ ਤਾਂ ਉਹਨਾਂ ਜਵਾਬ ਦਿੱਤਾ, “ਮੈਂ ਹਰ
ਤਰ੍ਹਾਂ ਤਿਆਰ ਹਾਂ।”
ਦੋ ਸੂਰਬੀਰਾਂ ਦੀ ਲੜਾਈ ਸ਼ੁਰੂ ਹੋ ਗਈ। ਕਦੇ ਇੱਕ ਜਿੱਤਦਾ ਨਜ਼ਰ ਆਉਂਦਾ ਸੀ, ਕਦੇ ਦੂਜਾ। ਦੋਵੇਂ ਇੱਕ-ਦੂਜੇ ਦੇ ਵਾਰਾਂ ਨੂੰ
ਰੋਕਣ ਦਾ ਯਤਨ ਕਰ ਰਹੇ ਸਨ। ਦੋਹਾਂ ਦੇ ਘੋੜੇ ਲੜਦਿਆਂ-ਲੜਦਿਆਂ ਡਿਗ ਕੇ ਮਰ ਗਏ ਤਾਂ ਵੀ ਆਮੋ-ਸਾਮਣੀ
ਲੜਾਈ ਜਾਰੀ ਰਹੀ। ਅਖ਼ੀਰ ਵਿੱਚ ਮੁਸਲਮਾਨ ਜਰਨੈਲ ਦਾ ਸਿਰ ਡਿਗ ਪਿਆ ਅਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ
ਸਿਰ ਵੀ ਕੱਟਿਆ ਗਿਆ। ਉਹ ਸਿਰ ਤਲੀ ਉੱਤੇ ਟਿਕਾ ਕੇ ਅੱਗੇ ਵਧਦੇ ਜਾ ਰਹੇ ਸਨ। ਉਹਨਾਂ ਦਾ ਧੜ ਦਰਬਾਰ ਸਾਹਿਬ
ਦੀ ਪਰਿਕਰਮਾ ਵਿੱਚ ਜਾ ਕੇ ਡਿਗਿਆ।
ਲੜਾਈ ਅਜੇ ਵੀ ਬੰਦ ਨਹੀਂ ਹੋਈ ਸੀ। ਇਹ ਕਾਫ਼ੀ ਚਿਰ ਤੱਕ ਚੱਲਦੀ ਰਹੀ। ਅਣਗਿਣਤ ਬਹਾਦਰ ਸਿੱਖਾਂ ਤੇ
ਮੁਸਲਮਾਨਾਂ ਨੇ ਆਪਣੇ ਪ੍ਰਾਣਾਂ ਦੀ ਬਾਜ਼ੀ ਲਾਈ। ਅਖ਼ੀਰ ਉੱਤੇ ਸਿੱਖਾਂ ਦੀ ਜਿੱਤ ਹੋਈ।
ਸਿੱਖਾਂ ਦੀ ਇਸ ਜਿੱਤ ਦਾ ਸਿਹਰਾ ਬਾਬਾ ਦੀਪ ਸਿੰਘ ਜੀ ਦੇ ਸਿਰ ਬੱਝਦਾ ਹੈ। ਇੱਕ ਗੁਰਦਵਾਰਾ ਉਸ ਸਥਾਨ ਉੱਤੇ ਬਣਿਆ
ਹੋਇਆ ਹੈ ਜਿੱਥੇ ਉਹਨਾਂ ਦਾ ਸਿਰ ਕੱਟਿਆ ਗਿਆ ਸੀ ਤੇ ਦੂਜਾ ਗੁਰਦਵਾਰਾ ਉਸ ਸਥਾਨ ਉੱਤੇ ਹੈ, ਜਿੱਥੇ ਉਹਨਾਂ ਦਾ ਧੜ
ਡਿਗਿਆ ਸੀ।